Sunday, 10 January 2021

CH 4 - Measurement of National Income final

0 comments

ਪਾਠ 4-ਰਾਸ਼ਟਰੀ ਆਮਦਨ ਦਾ ਮਾਪ

ਦੋ ਅੰਕਾਂ ਵਾਲੇਂ ਪ੍ਰਸ਼ਨ 

 

ਪ੍ਰ:1. ਰਾਸ਼ਟਰੀ ਆਮਦਨ ਨੂੰ ਮਾਪਣ ਦੀਆਂ ਤਿੰਨ ਵਿਧੀਆਂ ਦੇ ਨਾਮ ਦੱਸੋ

ਉੱਤਰ :-( 1) ਆਮਦਨ ਵਿਧੀ (2) ਉਤਪਾਦ ਵਿਧੀ ਜਾਂ ਮੁੱਲ ਵਾਧਾ ਵਿਧੀ (3) ਖਰਚ ਵਿਧੀ

 

ਪ੍ਰ: 2. ਪ੍ਰਾਥਮਿਕ ਖੇਤਰ ਦਾ ਕੀ ਅਰਥ ਹੈ?

ਉੱਤਰ:- ਪ੍ਰਾਥਮਿਕ ਖੇਤਰ ਉਹ ਖੇਤਰ ਹੈ ਜੋ ਕੁਦਰਤੀ ਸਾਧਨਾਂ ਦਾ ਪ੍ਰਯੋਗ ਕਰਕੇ ਵਸਤੂਆਂ ਦਾ ਉਤਪਾਦਨ ਕਰਦਾ ਹੈ। ਇਸ ਵਿੱਚ ਖੇਤੀ, ਮੱਛੀ ਪਾਲਣ, ਵਣ ਆਦਿ ਸ਼ਾਮਿਲ ਹੁੰਦੇ ਹਨ।

 

ਪ੍ਰ:3. ਗੌਣ ਖੇਤਰ ਦਾ ਕੀ ਅਰਥ ਹੈ?

ਉੱਤਰ:- ਗੌਣ ਖੇਤਰ ਉਹ ਖੇਤਰ ਹੈ ਜਿਸ ਵਿੱਚ ਪ੍ਰਾਥਮਿਕ ਖੇਤਰ ਦੇ ਉਤਪਾਦਨ ਨੂੰ ਆਗਤ ਦੇ ਰੂਪ ਵਿੱਚ ਪ੍ਰਯੋਗ ਕਰਕੇ ਉਤਪਾਦਨ ਕੀਤਾ ਜਾਂਦਾ ਹੈ। ਜਿਵੇ ਕਪਾਹ ਨਾਲ ਕੱਪੜਾ ਬਣਾਇਆ ਜਾਂਦਾ ਹੈ।

 

ਪ੍ਰ: 4.ਤੀਜੇ ਖੇਤਰ ਦਾ ਕੀ ਅਰਥ ਹੈ?

ਉੱਤਰ:-ਤੀਜਾ ਖੇਤਰ ਉਹ ਖੇਤਰ ਹੈ ਜਿਸ ਵਿੱਚ ਉਦਮੀ ਸਿਰਫ ਸੇਵਾਵਾਂ ਪੇਸ਼ ਕਰਦੇ ਹਨ। ਜਿਵੇ ਬੀਮਾ, ਬੈਂਕਿੰਗ, ਆਵਾਜਾਈ, ਸੰਚਾਰ ਆਦਿ।

 

ਪ੍ਰ: 5. ਆਮਦਨ ਵਿਧੀ ਤੋਂ ਕੀ ਭਾਵ ਹੈ?

ਉੱਤਰ:-ਆਮਦਨ ਵਿਧੀ ਉਹ ਵਿਧੀ ਹੈ ਜੋ ਇੱਕ ਲੇਖਾ ਸਾਲ ਵਿੱਚ ਉਪਾਦਨ ਦੇ ਪ੍ਰਾਥਮਿਕ ਸਾਧਨਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇ ਬਦਲੇ ਵਿੱਚ ਦਿੱਤੇ ਗਏ ਭੁਗਤਾਨ ਦੀ ਗਣਨਾ ਕਰਕੇ ਰਾਸ਼ਟਰੀ ਆਮਦਨ ਦਾ ਮਾਪ ਕਰਦੀ ਹੈ। ਇਸ ਵਿੱਚ ਕਰਮਚਾਰੀਆਂ ਦਾ ਮਿਹਨਤਾਨਾ, ਪ੍ਰਚਲਨ ਬੇਸ਼ੀ, ਮਿਸ਼ਰਤ ਆਮਦਨ ਅਤੇ ਵਿਦੇਸ਼ਾਂ ਤੋਂ ਸ਼ੁਧ ਸਾਧਨ ਆਮਦਨ ਦੀਆ ਮਦਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ।

ਪ੍ਰ: 6. ਉਤਪਾਦ ਵਿਧੀ ਜਾਂ ਮੁੱਲ ਵਾਧਾ ਵਿਧੀ ਤੋਂ ਕੀ ਭਾਵ ਹੈ?

ਉੱਤਰ: - ਉਤਪਾਦ ਵਿਧੀ ਜਾਂ ਮੁੱਲ ਵਾਧਾ ਵਿਧੀ ਉਹ ਵਿਧੀ ਹੈ, ਜੋ ਇੱਕ ਲੇਖਾ ਸਾਲ ਵਿੱਚ ਦੇਸ਼ ਦੀ ਘਰੇਲੂ ਸੀਮਾ ਦੇ ਅੰਦਰ ਹਰੇਕ ਉਤਪਾਦਨ ਉਦਮ ਦੇ ਯੋਗਦਾਨ ਦੀ ਗਣਨਾ ਕਰਕੇ ਰਾਸ਼ਟਰੀ ਆਮਦਨ ਨੂੰ ਮਾਪਦੀ ਹੈ।

 

ਪ੍ਰ: 7:- ਖਰਚ ਵਿਧੀ ਤੋਂ ਕੀ ਭਾਵ ਹੈ?

ਉੱਤਰ:- ਖਰਚ ਵਿਧੀ ਉਹ ਵਿਧੀ ਹੈ, ਜਿਸ ਦੁਆਰਾ ਬਜ਼ਾਰ ਕੀਮਤ ਉਤੇ ਕੁੱਲ ਘਰੇਲੂ ਉਤਪਾਦ ਉਤੇ ਇੱਕ ਲੇਖਾ ਸਾਲ ਵਿੱਚ ਕੀਤੇ ਗਏ ਅੰਤਮ ਖਰਚ ਨੂੰ ਮਾਪਿਆ ਜਾਂਦਾ ਹੈ।

 

ਪ੍ਰ: 8. ਪ੍ਰਚਲਨ ਬੇਸ਼ੀ ਤੋਂ ਕੀ ਭਾਵ ਹੈ?

ਉੱਤਰ:- ਕਿਸੇ ਫਰਮ ਨੂੰ ਉਤਪਾਦਨ ਪ੍ਰਕਿਰਿਆ ਦੌਰਾਨ ਪ੍ਰਾਪਤ ਹੋਣ ਵਾਲੀ ਗੈਰ-ਮਜ਼ਦੂਰੀ ਆਮਦਨ ਭਾਵ ਸੰਪਤੀ ਅਤੇ ਉੱਦਮ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਜਿਵੇ' ਲਗਾਨ, ਵਿਆਜ ਅਤੇ ਲਾਭ ਦੇ ਜੌੜ ਨੂੰ ਪ੍ਰਚਲਨ ਬੇਸ਼ੀ ਕਿਹਾ ਜਾਂਦਾ ਹੈ।

 

ਪ੍ਰ: 9. -ਮਿਸ਼ਰਤ ਆਮਦਨ ਤੋਂ ਕੀ ਭਾਵ ਹੈ?

ਉੱਤਰ:-ਮਨੁੱਖ ਜਿਵੇਂ ਕਿਸਾਨ, ਛੌਟੇ ਦੁਕਾਨਦਾਰ, ਡਾਕਟਰ ਆਦਿ ਆਪਣੇਂ ਸਾਧਨਾਂ ਜਿਵੇ ਕਿਰਤ, ਭੂਮੀ, ਪੂੰਜੀ ਆਦਿ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕਰਦੇ ਹਨ। ਉਹਨਾਂ ਨੂੰ ਵਿਆਜ, ਲਾਭ, ਲਗਾਨ ਮਜ਼ਦੂਰੀ ਆਦਿ ਦੇ ਰੂਪ ਵਿੱਚ ਮਿਸ਼ਰਤ ਆਮਦਨ ਪ੍ਰਾਪਤ ਹੁੰਦੀ ਹੈ। ਇਸ ਨੂੰ ਮਿਸ਼ਰਤ ਆਮਦਨ ਕਿਹਾ ਜਾਂਦਾ ਹੈ।

 

ਪ੍ਰ:10. ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਲਿਖੋ।

ਉੱਤਰ:-ਇੱਕ ਦੇਸ਼ ਦੇ ਸਧਾਰਨ ਨਿਵਾਸੀਆਂ ਰਾਹੀਂ ਇੱਕ ਸਾਲ ਵਿੱਚ ਅਰਜਿਤ ਲਗਾਨ, ਲਾਭ, ਮਜ਼ਦੂਰੀ, ਵਿਆਜ ਅਤੇ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਦਾ ਜੋੜ ਰਾਸ਼ਟਰੀ ਆਮਦਨ ਕਹਾਉਂਦਾ ਹੈ।

 

ਪ੍ਰ:11.ਦੋਹਰੀ ਗਣਨਾ ਤੋਂ ਕੀ ਭਾਵ ਹੈ? ਦੋਹਰੀ ਗਣਨਾ ਦੀ ਸਮੱਸਿਆ ਤੋਂ ਬਚਾਓ ਲਈ ਇਕ ਉਪਾਅ ਦੱਸੋ

ਉੱਤਰ:- ਇੱਕ ਵਸਤੂ ਦੇ ਮੁੱਲ ਦੀ ਗਣਨਾ ਜਦੋਂ ਇੱਕ ਵਾਰ ਤੋਂ ਵੱਧ ਹੁੰਦੀ ਹੈ ਤਾਂ ਉਸ ਨੂੰ ਦੋਹਰੀ ਗਿਣਤੀ ਕਹਿੰਦੇ ਹਨ। ਦੋਹਰੀ ਗਿਣਤੀ ਦੀ ਸਮੱਸਿਆ ਤੋਂ ਬਚਣ ਲਈ ਵਸਤੂਆਂ ਅਤੇ ਸੇਵਾਵਾਂ ਦੇ ਸਿਰਫ ਅੰਤਿਮ ਮੁੱਲ ਦੀ ਗਣਨਾ ਕਰਨੀ ਚਾਹੀਦੀ ਹੈ

 

ਪ੍ਰ:12. ਸਟਾਕ ਵਿੱਚ ਪਰਿਵਰਤਨ ਕੀ ਹੈ?

ਉੱਤਰ: ਇੱਕ ਲੇਖਾ ਸਾਲ ਦੇ ਦੌਰਾਨ ਅੰਤਿਮ ਸਟਾਕ ਤੇ ਆਰੰਭਿਕ ਸਟਾਕ ਵਿੱਚ ਅੰਤਰ ਨੂੰ ਸਟਾਕ ਵਿੱਚ ਪਰਿਵਰਤਨ ਕਹਿੰਦੇ ਹਨ।

ਸਟਾਕ ਵਿੱਚ ਪਰਿਵਰਤਨ (∆Stock) = ਅੰਤਿਮ ਸਟਾਕ- ਆਰੰਭਿਕ ਸਟਾਕ

 

ਪ੍ਰ:13. ਹਸਤਾਂਤਰਣ ਆਮਦਨ ਤੋ ਕੀ ਭਾਵ ਹੈ?

ਉੱਤਰ: ਹਸਤਾਂਤਰਣ ਆਮਦਨ ਅਰਥਵਿਵਸਥਾ ਦੇ ਇੱਕ ਖੇਤਰ ਦੁਆਰਾ ਦੂਜੇ ਖੇਤਰ ਨੂੰ ਕੀਤਾ ਗਿਆ ਇੱਕ ਪੱਖੀ ਭੁਗਤਾਨ ਹੈ। ਜਿਸ ਦੇ ਬਦਲੇ ਵਿੱਚ ਕਿਸੇ ਵਸਤੂ ਜਾਂ ਸੇਵਾ ਦੀ ਪ੍ਰਾਪਤੀ ਨਹੀਂ ਹੁੰਦਾ । ਉਦਾਹਰਨ ਦੇ ਲਈ ਬੁਢਾਪਾ ਪੈਨਸਨ, ਵਜ਼ੀਫਾ ਆਦਿ । ਹਸਤਾਂਤਰਣ ਆਮਦਨ ਨੂੰ ਰਾਸ਼ਟਰੀ ਆਮਦਨ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ।

 

ਛੇ ਅੰਕਾਂ ਵਾਲੇਂ ਪ੍ਰਸ਼ਨ 

 

ਪ੍ਰ:1. ਕਿਸੇ ਦੇਸ਼ ਦੀ ਰਾਸ਼ਟਰੀ ਆਮਦਨ ਦੀ ਗਣਨਾ ਕਰਨ ਦੀ ਮੁੱਲ ਵਾਧਾ ਵਿਧੀ ਦਾ ਵਰਣਨ ਕਰੋ  

ਉੱਤਰ:- ਉਤਪਾਦ ਵਿਧੀ ਜਾਂ ਮੁੱਲ ਵਾਧਾ ਵਿਧੀ ਉਹ ਵਿਧੀ ਹੈ ਜੇ ਇੱਕ ਲੇਖਾ ਸਾਲ ਵਿੱਚ ਇੱਕ ਦੇਸ਼ ਦੀ ਘਰੇਲੂ ਸੀਮਾ ਦੇ ਅੰਦਰ ਹਰੇਕ ਉਤਪਾਦਕ ਦੇ ਉਤਪਾਦਨ ਦੀ ਗਣਨਾ ਕਰਕੇ ਰਾਸ਼ਟਰੀ ਆਮਦਨ ਨੂੰ ਮਾਪਦੀ ਹੈ।

ਮੁੱਲ ਵਾਧਾ ਵਿਧੀ ਦੇ ਕਦਮ:-ਉਤਪਾਦ ਵਿਧੀ ਜਾਂ ਮੁੱਲ ਵਾਧਾ ਵਿਧੀ ਦੁਆਰਾ ਰਾਸ਼ਟਰੀ ਆਮਦਨ ਦੀ ਗਣਨਾ ਕਰਨ ਲਈ ਹੇਠ ਲਿਖੇ ਕਦਮ ਉਠਏ ਜਾਂਦੇ ਹਨ:-

(1) ਪਹਿਲਾ ਕਦਮ: ਉਤਪਾਦਕ ਉਦਯੋਗਾਂ ਦੀ ਪਹਿਚਾਨ ਅਤੇ ਵਰਗੀਕਰਣ:- ਉਤਪਾਦਨ ਕਰਨ ਵਾਲੇ ਉਦਮਾਂ ਦਾ ਵਰਗੀਕਰਣ ਤਿੰਨ ਹਿੱਸਿਆਂ ਵਿੱਚ ਕੀਤਾ ਜਾਂਦਾ ਹੈ (i) ਪ੍ਰਾਥਮਿਕ ਖੇਤਰ (ii) ਗੌਣ ਖੇਤਰ (iii) ਤੀਜਾ ਖੇਤਰ।

(i) ਪ੍ਰਾਥਮਿਕ ਖੇਤਰ:- ਪ੍ਰਾਥਮਿਕ ਖੇਤਰ ਉਹ ਖੇਤਰ ਹੈ ਜੋ ਕੁਦਰਤੀ ਸਾਧਨਾਂ ਦਾ ਪ੍ਰਯੋਗ ਕਰਕੇ ਵਸਤੂਆਂ ਦਾ ਉਤਪਾਦਨ ਕਰਦਾ ਹੈ। ਇਸ ਵਿੱਚ ਖੇਤੀ, ਮੱਛੀ ਪਾਲਣ, ਵਣ ਆਦਿ ਸ਼ਾਮਿਲ ਹੁੰਦੇ ਹਨ।

(ii) ਗੌਣ ਖੇਤਰ:- ਗੌਣ ਖੇਤਰ ਉਹ ਖੇਤਰ ਹੈ ਜਿਸ ਵਿੱਚ ਪ੍ਰਾਥਮਿਕ ਖੇਤਰ ਦੇ ਉਤਪਾਦਨ ਨੂੰ ਆਗਤ ਦੇ ਰੂਪ ਵਿੱਚ ਪ੍ਰਯੋਗ ਕਰਕੇ ਉਤਪਾਦਨ ਕੀਤਾ ਜਾਂਦਾ ਹੈ। ਜਿਵੇਂ ਕਪਾਹ ਨਾਲ ਕੱਪੜਾ ਬਣਾਇਆ ਜਾਂਦਾ ਹੈ।

(iii) ਤੀਜਾ ਖੇਤਰ:-ਤੀਜਾ ਖੇਤਰ ਉਹ ਖੇਤਰ ਹੈ ਜਿਸ ਵਿੱਚ ਉਦਮੀ ਸਿਰਫ ਸੇਵਾਵਾਂ ਪੇਸ਼ ਕਰਦੇ ਹਨ। ਜਿਵੇ ਬੀਮਾ, ਬੈਂਕਿੰਗ, ਆਵਾਜਾਈ, ਸੰਚਾਰ ਆਦਿ

(2) ਦੂਜਾ ਕਦਮ: ਮੁੱਲ ਵਾਧੇ ਦੀ ਗਣਨਾ:- ਮੁੱਲ ਵਾਧਾ ਕਿਸੇ ਉਦਮ ਦੇ ਉਤਪਾਦ ਦੇ ਮੁੱਲ ਅਤੇ ਇਸਦੇ ਮੱਧਵਰਤੀ ਉਪਭੋਗ ਦੇ ਮੁੱਲ ਦਾ ਅੰਤਰ ਹੈ।

 

ਮੁੱਲ ਵਾਧਾ = ਉਤਪਾਦ ਦਾ ਮੁੱਲ - ਮੱਧਵਰਤੀ ਉਪਭੋਗ ਦਾ ਮੁੱਲ

 

ਉਤਪਾਦ ਦਾ ਮੁੱਲ ਤੋਂ ਭਾਵ ਹੈ ਇੱਕ ਲੇਖਾ ਸਾਲ ਦੇ ਦੌਰਾਨ ਕਿਸੇ ਫਰਮ ਦੁਆਰਾ ਉਤਪਾਦਿਤ ਵਸਤੂਆਂ ਜਾਂ ਸੇਵਾਵਾਂ ਦੇ ਬਜ਼ਾਰ ਮੁੱਲ ਤੋਂ ਹੈ। ਜੇਕਰ ਫਰਮ ਦਾ ਸਾਰਾ ਉਤਪਾਦ ਵਿਕ ਜਾਂਦਾ ਹੈ ਤਾਂ

ਉਤਪਾਦ ਦਾ ਮੁੱਲ = ਵਿਕਰੀ

ਜੇਕਰ ਫਰਮ ਦਾ ਕੁਝ ਉਤਪਾਦ ਬਿਨਾ ਵਿਕੇ ਰਹਿ ਜਾਂਦਾ ਹੈ ਤਾਂ ਉਸ ਨੂੰ ਸਟਾਕ ਵਿੱਚ ਜੋੜ ਦਿੱਤਾ ਜਾਂਦਾ ਹੈ।

ਉਤਪਾਦ ਦਾ ਮੁੱਲ = ਵਿਕਰੀ+ਸਟਾਕ ਵਿੱਚ ਪਰਿਵਰਤਨ

 

ਮੁੱਲ ਵਾਧਾ ਹੇਠ ਲਿਖੇ ਤਰ੍ਹਾਂ ਦਾ ਹੋ ਸਕਦਾ ਹੈ:-

(1) ਬਾਜ਼ਾਰ ਕੀਮਤ ਤੇ ਕੁੱਲ (ਸਕਲ) ਮੁੱਲ ਵਾਧਾ (GDP MP):- ਸਕਲ ਮੁੱਲ ਵਾਧਾ ਉਤਪਾਦ ਮੁੱਲ ਅਤੇ ਮੱਧਵਰਤੀ ਵਸਤੂਆਂ ਦੇ ਮੁੱਲ ਦਾ ਅੰਤਰ ਹੈ। ਸਕਲ ਘਰੇਲੂ ਮੁੱਲ ਵਾਧਾ, ਬਾਜ਼ਾਰ ਕੀਮਤ ਤੇ ਸਕਲ ਘਰੇਲੂ ਉਤਪਾਦ ਦੇ ਬਰਾਬਰ ਹੁੰਦਾ ਹੈ।

(2) ਬਾਜ਼ਾਰ ਕੀਮਤ ਤੇ ਸ਼ੁੱਧ ਮੁੱਲ ਵਾਧਾ (NDP MP):-ਬਾਜ਼ਾਰ ਕੀਮਤ ਤੇ ਸ਼ੁੱਧ ਮੁੱਲ ਵਾਧਾ, ਬਾਜ਼ਾਰ ਕੀਮਤ ਤੇ ਸਕਲ ਮੁੱਲ ਵਾਧਾ ਅਤੇ ਮੁੱਲ ਘਿਸਾਵਟ ਦਾ ਅੰਤਰ ਹੈ। ਬਾਜ਼ਾਰ ਕੀਮਤ ਤੇ ਸ਼ੁੱਧ ਮੁੱਲ ਵਾਧਾ, ਬਾਜ਼ਾਰ ਕੀਮਤ ਤੇ ਸ਼ੁੱਧ ਘਰੇਲੂ ਉਤਪਾਦ ਦੇ ਬਰਾਬਰ ਹੁੰਦਾ ਹੈ।

(3) ਸਾਧਨ ਲਾਗਤ ਤੇ ਸ਼ੁੱਧ ਮੁੱਲ ਵਾਧਾ (NDP fc):-ਸਾਧਨ ਲਾਗਤ ਤੋ ਸ਼ੁੱਧ ਮੁੱਲ ਵਾਧਾ ਜਾਂ ਸ਼ੁੱਧ ਘਰੇਲੂ ਆਮਦਨ, ਬਾਜ਼ਾਰ ਕੀਮਤ ਤੇ ਸ਼ੁੱਧ ਮੁੱਲ ਵਾਧਾ ਤੇ ਸ਼ੁੱਧ ਅਪ੍ਰਤੱਖ ਕਰ ਦਾ ਅੰਤਰ ਹੈ। ਇਸ ਵਿੱਚ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਜੋੜ ਕੇ ਸ਼ੁੱਧ ਰਾਸ਼ਟਰੀ ਆਮਦਨ ਦਾ ਪਤਾ ਲਗਾਇਆ ਜਾ ਸਕਦਾ ਹੈ।

ਮੁੱਲ ਵਾਧੇ ਦਾ ਉਦਾਹਰਨ; ਤਾਲਿਕਾ 1

 

ਵਸਤੂ ਪੈਦਾ ਕਰਨ ਵਾਲਾ ਉੱਦਮ

ਉਤਪਾਦ ਦਾ ਮੁੱਲ

ਮੱਧਵਰਤੀ ਵਸਤੂ ਦੀ ਲਾਗਤ

ਮੁੱਲ ਵਾਧਾ

1. ਕਿਸਾਨ

600

200

400

2. ਆਟਾ ਮਿੱਲ

800

600

200

3. ਬੇਕਰ

1000

800

200

4. ਦੁਕਾਨਦਾਰ

1200

1000

200

ਜੋੜ

3600

2600

1000

 

 

ਤਾਲਿਕਾ ਵਿੱਚ ਮੰਨ ਲਿਆ ਗਿਆ ਹੈ ਕਿ ਕਣਕ ਦੇ ਉਤਪਾਦਨ ਵਿੱਚ ਰੁ:200 ਮੱਧਵਰਤੀ ਉਪਭੋਗ ਦੀ ਲਾਗਤ ਸ਼ਾਮਿਲ ਹੈ ।ਇਸ ਲਈ ਕਿਸਾਨ ਦੁਆਰਾ ਕੀਤਾ ਗਿਆ ਮੁੱਲ ਵਾਧਾ 600-200=400 ਰੁ: ਆਟਾ ਮਿੱਲ 600 ਰੁ: ਦੀ ਕਣਕ ਖਰੀਦਦਾ ਹੈ ਅਤੇ 800 ਰੁ: ਦਾ ਆਟਾ ਵੇਚਦਾ ਹੈ ਇਸ ਤਰ੍ਹਾਂ 800-600=200 ਰੁ: ਮੁੱਲ ਵਾਧਾ। ਜੇਕਰ ਬੇਕਰ 800 ਰੁ: ਦਾ ਆਟਾ ਖਰੀਦਦਾ ਹੈ ਉਤੇ 1000ਰੁ: ਦੀ ਡਬਲਰੋਟੀ ਦੁਕਾਨਦਾਰ ਨੂੰ ਵੇਚਦਾ ਹੈ ਤਾਂ ਉਸ ਦਾ ਮੁੱਲ ਵਾਧਾ 1000-800=200 ਰੁ: ਹੈ। ਦੁਕਾਨਦਾਰ ਗ੍ਰਾਹਕ ਨੂੰ ਡਬਲਰੋਟੀ 1200 ਰੁ: ਵਿੱਚ ਵੇਚਦਾ ਹੈ ।ਦੁਕਾਨਦਾਰ ਦੁਆਰਾ 1200-1000=200 ਰੁ: ਦਾ ਮੁੱਲ ਵਾਧਾ ਕੀਤਾ ਗਿਆ ਹੈ। ਇਸ ਪ੍ਰਕਾਰ ਸਾਰੇ ਉਤਪਾਦਕ ਉਦਮਾਂ ਨੇ 400+200+200+200=1000ਰੁ: ਦਾ ਸਕਲ ਮੁੱਲ ਵਾਧਾ ਕੀਤਾ ਹੈ।

GDPMP ਦਾ ਅਨੁਮਾਨ ਲਗਾਉਣ ਪਿੱਛੋਂ, ਹੇਠਾਂ ਲਿਖੀ ਸਮੀਕਰਨ ਦੇ ਰੂਪ ਵਿੱਚ ਅਸੀਂ ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ ਜਾਂ ਰਾਸ਼ਟਰੀ ਆਮਦਨ ਪ੍ਰਾਪਤ ਕਰ ਸਕਦੇ ਹਾਂ।

ਬਾਜ਼ਾਰ ਕੀਮਤ ਤੇ ਕੁੱਲ ਘਰੇਲੂ ਉਤਪਾਦ - ਘਿਸਾਵਟ/ਮੁੱਲ ਕਮੀ

=ਬਾਜ਼ਾਰ ਕੀਮਤ ਤੇ ਸ਼ੁੱਧ ਘਰੇਲੂ ਉਤਪਾਦ

-ਸ਼ੁੱਧ ਅਪ੍ਰਤੱਖ ਕਰ

=ਸਾਧਨ ਲਾਗਤ ਤੇ ਸ਼ੁੱਧ ਘਰੇਲੂ ਉਤਪਾਦ

+ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ

=ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ

ਮੁੱਲ ਵਾਧਾ ਵਿਧੀ ਨਾਲ ਸਬੰਧਿਤ ਸਾਵਧਾਨੀਆਂ:-

1.ਪੁਰਾਣੀਆਂ ਵਸਤੂਆਂ ਦੀ ਖਰੀਦ-ਵਿਕਰੀ ਨੂੰ ਮੁੱਲ ਵਾਧੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ।

2. ਪੁਰਾਣੀਆਂ ਵਸਤੂਆਂ ਦੇ ਵਪਾਰੀਆਂ ਦੀ ਦਲਾਲੀ ਜਾਂ ਕਮਿਸ਼ਨ ਨੂੰ ਮੁੱਲ ਵਾਧੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।

3.ਸਾਰੇ ਉਤਪਾਦਕ ਉਦਮਾਂ ਦੁਆਰਾ ਕੀਤੇ ਗਏ ਸਵੈ-ਉਪਭੋਗ ਨੂੰ ਮੁੱਲ ਵਾਧੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।

4.ਮੱਧਵਰਤੀ ਵਸਤੂਆਂ ਦੇ ਮੁੱਲ ਨੂੰ ਮੁੱਲ ਵਾਧੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ।

5.ਸਵੈ-ਉਪਕਭੋਗ ਲਈ ਉਤਪਾਦਨ ਦਾ ਆਰੋਪਿਤ ਮੁੱਲ ਸ਼ਾਮਿਲ ਕੀਤਾ ਜਾਂਦਾ ਹੈ।

6.ਜਿੰਨ੍ਹਾਂ ਮਕਾਨਾਂ ਵਿੱਚ ਮਾਲਕ ਖੁਦ ਰਹਿੰਦੇ ਹਨ ਉਨ੍ਹਾਂ ਦਾ ਵੀ ਆਰੋਪਿਤ ਕਿਰਾਇਆ ਸਾਮਿਲ ਕੀਤਾ ਜਾਂਦਾ ਹੈ।

7. ਸਵੈ-ਉਪਭੋਗ ਸੇਵਾਵਾਂ ਨੂੰ ਮੁੱਲ ਵਾਧੇ ਵਿੱਚ ਸਾਮਿਲ ਨਹੀਂ ਕੀਤਾ ਜਾਂਦਾ

8. ਸਰਕਾਰੀ ਖੇਤਰ ਵਿੱਚ ਸੁੱਧ ਮੁੱਲ ਵਾਧਾ ਸਿਰਫ ਕਰਮਚਾਰੀਆਂ ਦੇ ਮਿਹਨਤਾਨੇ ਦੇ ਬਰਾਬਰ ਹੁੰਦਾ ਹੈ।

9. ਸਰਕਾਰ, ਉਦਮੀ ਅਤੇ ਪਰਿਵਾਰਾਂ ਦੁਆਰਾ ਕੀਤੇ ਗਏ ਸਥਾਈ ਪੂੰਜੀ ਦੇ ਸਵੈ-ਲੇਖਾ ਉਤਪਾਦਨ ਦਾ ਆਰੋਪਿਤ ਮੁੱਲ ਸ਼ਾਮਿਲ ਕੀਤਾ ਜਾਂਦਾ ਹੈ।

 

ਸੰਖਿਆਤਮਕ ਉਦਾਹਰਨ

 

1. ਹੇਠਾਂ ਦਿੱਤੇ ਅੰਕੜਿਆਂ ਦੇ ਆਧਾਰ ਤੇ () ਫਰਮ A ਅਤੇ ਫਰਮ B ਦੁਆਰਾ ਮੁੱਲ ਵਾਧਾ () ਸਾਧਨ ਲਾਗਤ ਤੇ ਕੁੱਲ ਮੁੱਲ ਵਾਧਾ ਜਾਂ ਕੁੱਲ ਘਰੇਲੂ ਉਤਪਾਦ ਪਤਾ ਕਰੋ।

 

ਮਦਾਂ                                                                             (ਰੁ; ਲੱਖ)

 

(i) ਫਰਮ A ਦੁਆਰਾ ਵਿਕਰੀ                                           100

(ii) ਫਰਮ A ਦੁਆਰਾ ਫਰਮ B ਤੋਂ ਖਰੀਦਦਾਰੀ                40

(iii) ਫਰਮ B ਦੁਆਰਾ ਫਰਮ A ਤੋਂ ਖਰੀਦਦਾਰੀ            60

(iv) ਫਰਮ B ਦੁਆਰਾ ਵਿਕਰੀ                                      200

(v) ਫਰਮ A ਦਾ ਅੰਤਿਮ ਸਟਾਕ                                      20

(vi) ਫਰਮ B ਦਾ ਅੰਤਿਮ ਸਟਾਕ                                    35

(vii) ਫਰਮ A ਦਾ ਆਰੰਭਿਕ ਸਟਾਕ                               25

(viii) ਫਰਮ B ਦਾ ਆਰੰਭਿਕ ਸਟਾਕ                               45

(ix) ਦੌਹਾਂ ਫਰਮਾਂ ਦੁਆਰਾ ਅਪ੍ਰਤੱਖ ਕਰਾਂ ਦਾ ਭੁਗਤਾਨ    30

 

ਹੱਲ; ਫਰਮ, ਦੁਆਰਾ ਮੁੱਲ ਵਾਧਾ; ਫਰਮ A ਦੁਆਰਾ ਵਿਕਰੀ+ ਫਰਮ B ਦੁਆਰਾ ਫਰਮ A ਤੋ ਖਰੀਦਦਾਰੀ+ ਸਟਾਕ ਵਿੱਚ ਪਰਿਵਰਤਨ (ਫਰਮ A ਦਾ ਅੰਤਿਮ ਸਟਾਕ- ਫਰਮ A ਦਾ ਆਰੰਭਿਕ ਸਟਾਕ)

=100-40+ (20-25) =100-40-5= ਰੂ:55 ਲੱਖ

ਫਰਮ B ਦੁਆਰਾ ਮੁੱਲ ਵਾਧਾ; ਫਰਮ B ਦੁਆਰਾ ਵਿਕਰੀ+ ਫਰਮ A ਦੁਆਰਾ ਫਰਮ B ਤੋਂ ਖਰੀਦਦਾਰੀ+ ਸਟਾਕ ਵਿੱਚ ਪਰਿਵਰਤਨ (ਫਰਮ B ਦਾ ਅੰਤਿਮ ਸਟਾਕ- ਫਰਮ B ਦਾ ਆਰੰਭਿਕ ਸਟਾਕ)

 

=200-60+ (35-45) =200-60-10=130 ਲੱਖ

 

() ਸਾਧਨ ਲਾਗਤ ਤੇ ਕੁੱਲ ਮੁੱਲ ਵਾਧਾ ਜਾਂ ਕੁੱਲ ਘਰੇਲ੍ਹ ਉਤਪਾਦ;

= ਫਰਮ A ਦੁਆਰਾ ਮੁੱਲ ਵਾਧਾ+ ਫਰਮ B ਦੁਆਰਾ ਮੁੱਲ ਵਾਧਾ- ਅਪ੍ਰਤੱਖ ਕਰ =55ਲੱਖ +130 ਲੱਖ -30 ਲੱਖ =155ਲੱਖ

 

2.ਉਤਪਾਦਨ ਵਿਧੀ ਦੁਆਰਾ ਹੇਠਾਂ ਦਿੱਤੇ ਅੰਕੜਿਆਂ ਦੇ ਆਧਾਰ ਤੇ ਸਾਧਨ ਲਾਗਤ ਤੇ ਸ਼ੁੱਧ ਘਰੇਲੂ ਉਤਪਾਦ ਪਤਾ ਕਰੋ।

 

ਮਦਾਂ

ਮੁਢਲਾ ਖੇਤਰ

ਗੌਣ ਖੇਤਰ

ਤੀਜਾ ਖੇਤਰ

(i) ਵਿਕਰੀ

100

150

130

(ii)ਅੰਤਮ ਸਟਾਕ

15

20

25

(iii) ਮੱਧਵਰਤੀ ਉਪਭੋਗ

15

25

15

(iv) ਆਰੰਭਿਕ ਸਟਾਕ

10

10

15

(v) ਅਪ੍ਰਤੱਖ ਕਰ

12

13

17

(vi) ਆਰਥਿਕ ਸਹਾਇਤਾ

7

8

7

(vii) ਸਥਾਈ ਪੂੰਜੀ ਦਾ ਉਪਭੋਗ

10

12

15

(viii)ਬਿਜਲੀ ਅਤੇ ਬਾਲਣ ਦਾ ਖਰਚਾ

3

4

3

 

ਹੱਲ;

ਸਾਧਨ ਲਾਗਤ ਤੇ ਸ਼ੁੱਧ ਘਰੇਲੂ ਉਤਪਾਦ= (ਵਿਕਰੀ+ ਅੰਤਮ ਸਟਾਕ- ਆਰੰਭਿਕ ਸਟਾਕ- ਮੱਧਵਰਤੀ ਉਪਭੋਗ- ਅਪ੍ਰਤੱਖ ਕਰ ਆਰਥਿਕ ਸਹਾਇਤਾ- ਸਥਾਈ ਪੂੰਜੀ ਦਾ ਉਪਭੋਗ)

= (100+150+130) + (15+20+25) - (10+10+10) - (15+25+15) - (12+13+17) + (7+8+7) - (10+12+15)

=380+60-35-55-42+22-37= ਰੂ: 293

ਉੱਤਰ: ਸਾਧਨ ਲਾਗਤ ਤੇ ਸੁੱਧ ਘਰੇਲੂ ਉਤਪਾਦ=ਰੁ; 293

 

ਪ੍ਰ:2. ਆਮਦਨ ਵਿਧੀ ਦੁਆਰਾ ਕਿਸੇ ਦੇਸ਼ ਦੀ ਰਾਸ਼ਟਰੀ ਆਮਦਨ ਦੀ ਗਣਨਾ, ਕਿਸ ਤਰ੍ਹਾਂ ਕੀਤੀ ਜਾਂਦਾ ਹੈ?

ਉੱਤਰ:- ਆਮਦਨ ਵਿਧੀ ਉਹ ਵਿਧੀ ਹੈ ਜੋ ਇੱਕ ਲੇਖਾ ਸਾਲ ਵਿੱਚ ਉਤਪਾਦਨ ਦੇ ਪ੍ਰਾਥਮਿਕ ਸਾਧਨਾਂ (ਕਿਰਤ, ਭੂਮੀ, ਪੂੰਜੀ ਅਤੇ ਉੱਦਮ) ਨੂੰ ਉਹਨਾਂ ਦੀਆਂ ਉਤਪਾਦਕ ਸੇਵਾਵਾਂ ਦੇ ਬਦਲੇ ਵਿੱਚ ਕ੍ਰਮਵਾਰ ਮਜ਼ਦੂਰੀ, ਲਗਾਨ, ਵਿਆਜ ਅਤੇ ਲਾਭ ਦੇ ਰੂਪ ਵਿੱਚ ਕੀਤੇ ਗਏ ਭੁਗਤਾਨ ਦੀ ਗਣਨਾ ਕਰਕੇ ਰਾਸ਼ਟਰੀ ਆਮਦਨ ਦਾ ਮਾਪ ਕਰਦੀ ਹੈ।

 

ਆਮਦਨ ਵਿਧੀ ਦੇ ਕਦਮ: ਆਮਦਨ ਵਿਧੀ ਦੁਆਰਾ ਰਾਸ਼ਟਰੀ ਆਮਦਨ ਦੀ ਗਣਨਾ ਕਰਨ ਲਈ ਹੇਠ ਲਿਖੇ ਕਦਮ ਉਠਾਏ ਜਾਂਦੇ ਹਨ:

 

(1) ਪਹਿਲਾ ਕਦਮ: ਉਤਪਾਦਕ ਉੱਦਮਾਂ ਦੀ ਪਹਿਚਾਣ ਅਤੇ ਵਰਗੀਕਰਨ:- ਉਤਪਾਦਨ ਕਰਨ ਵਾਲੇ ਉਦਮਾਂ ਦਾ ਵਰਗੀਕਰਣ ਤਿੰਨ ਹਿੱਸਿਆਂ ਵਿੱਚ ਕੀਤਾ ਜਾਂਦਾ ਹੈ (i) ਪ੍ਰਾਥਮਿਕ ਖੇਤਰ (ii) ਗੌਣ ਖੇਤਰ (iii) ਤੀਜਾ ਖੇਤਰ।

(i)ਪ੍ਰਾਥਮਿਕ ਖੇਤਰ :- ਪ੍ਰਾਥਮਿਕ ਖੇਤਰ ਉਹ ਖੇਤਰ ਹੈ ਜੋ ਕੁਦਰਤੀ ਸਾਧਨਾਂ ਦਾ ਪ੍ਰਯੋਗ ਕਰਕੇ ਵਸਤੂਆਂ ਦਾ ਉਤਪਾਦਨ ਕਰਦਾ ਹੈ। ਇਸ ਵਿੱਚ ਖੇਤੀ, ਮੱਛੀ ਪਾਲਣ,ਵਣ ਆਦਿ ਸ਼ਾਮਿਲ ਹੁੰਦੇ ਹਨ।

(ii) ਗੌਣ ਖੇਤਰ:- ਗੌਣ ਖੇਤਰ ਉਹ ਖੇਤਰ ਹੈ ਜਿਸ ਵਿੱਚ ਪ੍ਰਾਥਮਿਕ ਖੇਤਰ ਦੇ ਉਤਪਾਦਨ ਨੂੰ ਆਗਤ ਦੇ ਰੂਪ ਵਿੱਚ ਪ੍ਰਯੋਗ ਕਰਕੇ ਉਤਪਾਦਨ ਕੀਤਾ ਜਾਂਦਾ ਹੈ। ਜਿਵੇ ਕਪਾਹ ਨਾਲ ਕੱਪੜਾ ਬਣਾਇਆ ਜਾਂਦਾ ਹੈ।

(iii) ਤੀਜਾ ਖੇਤਰ:- ਤੀਜਾ ਖੇਤਰ ਉਹ ਖੇਤਰ ਹੈ ਜਿਸ ਵਿੱਚ ਉਦਮੀ ਸਿਰਫ ਸੇਵਾਵਾਂ ਪੇਸ਼ ਕਰਦੇ ਹਨ। ਜਿਵੇ' ਬੀਮਾ, ਬੈਂਕਿੰਗ, ਆਵਾਜਾਈ, ਸੰਚਾਰ ਆਦਿ

 

(2) ਦੂਜਾ ਕਦਮ: ਸਾਧਨ ਆਮਦਨ ਦੇ ਅਰਥ ਅਤੇ ਵਰਗੀਕਰਨ:-ਸਾਧਨ ਆਮਦਨ ਤੋਂ ਭਾਵ ਕਿਸੇ ਵਿਅਕਤੀ ਦੁਆਰਾ ਅਰਜਿਤ ਉਸ ਆਮਦਨ ਤੋਂ ਹੈ ਜੋ ਉਸ ਨੂੰ ਸਾਧਨ ਸੇਵਾ ਦੇ ਬਦਲੇ ਵਿੱਚ ਪ੍ਰਾਪਤ ਹੁੰਦੀ ਹੈ। ਜਿਵੇ ਕਿਰਤ ਦੇ ਬਦਲੇ ਵਿੱਚ ਮਜ਼ਦੂਰੀ, ਭੂਮੀ ਦੇ ਲਈ ਲਗਾਨ, ਪੂੰਜੀ ਦੇ ਲਈ ਵਿਆਜ ਅਤੇ ਉਦਮਸ਼ੀਲਤਾ ਦੇ ਲਈ ਲਾਭ ਦੇ ਰੂਪ ਵਿੱਚ ਹੋ ਸਕਦੀ ਹੈ। ਰਾਸ਼ਟਰੀ ਆਮਦਨ ਵਿੱਚ ਹਸਤਾਂਤਰਣ ਭੁਗਤਾਨ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਸਾਧਨ ਆਮਦਨ ਨੂੰ ਮੁੱਖ ਰੂਪ ਨਾਲ ਹੇਠ ਲਿਖੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ;

 

(1) ਮੁਲਾਜ਼ਮਾਂ ਦਾ ਮੁਆਵਜਾ:-ਇਸ ਦੇ ਅੰਤਰਗਤ (i) ਨਕਦ ਮਜ਼ਦੂਰੀ ਅਤੇ ਤਨਖਾਹ (ii) ਕਿਸਮ ਵਿੱਚ ਭੁਗਤਾਨ (ii) ਸਮਾਜਿਕ ਸੁਰੱਖਿਆ ਯੋਜਨਾਵਾਂ ਵਿੱਚ ਮਾਲਕਾਂ ਦਾ ਯੋਗਦਾਨ (iv) ਰਿਟਾਇਰ ਹੌਣ ਪਿੱਛੋਂ ਕਰਮਚਾਰੀਆਂ ਦੀ ਪੈਨਸ਼ਨ ਨੂੰ ਸ਼ਾਮਿਲ ਕੀਤਾ ਜਾਂਦਾ ਹੈ।

(2) ਪਰਿਚਲਨ ਬੇਸ਼ੀ:-ਇਸ ਦੇ ਅੰਤਰਗਤ ਸੰਪਤੀ ਅਤੇ ਉਦਮਸ਼ੀਲਤਾ ਤੋ ਪ੍ਰਾਪਤ ਆਮਦਨ ਨੂੰ ਸ਼ਾਮਿਲ ਕੀਤਾ ਜਾਂਦਾ ਹੈ (i) ਲਗਾਨ ਜਾਂ ਕਿਰਾਇਆ ਅਤੇ ਰਿਆਲਿਟੀ (ii) ਵਿਆਜ (iii) ਲਾਭ (ਲਾਭਾਂਸ+ਨਿਗਮ ਕਰ+ ਉਦਮੀਆਂ ਦੀ ਬੱਚਤ ਜਾਂ ਅਣਵੰਡੇ ਲਾਭ) ਨੂੰ ਸ਼ਾਮਿਲ ਕੀਤਾ ਜਾਂਦਾ ਹੈ।

(3) ਮਿਸ਼ਰਤ ਆਮਦਨ:-ਮਨੁੱਖ ਜਿਵੇ ਕਿਸਾਨ, ਛੋਟੇ ਦੁਕਾਨਦਾਰ, ਡਾਕਟਰ ਆਦਿ ਆਪਣੇ ਸਾਧਨਾਂ ਜਿਵੇ ਕਿਰਤ, ਭੂਮੀ, ਪੂੰਜੀ ਆਦਿ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕਰਦੇ ਹਨ। ਉਹਨਾਂ ਨੂੰ ਵਿਆਜ, ਲਾਭ, ਲਗਾਨ ਮਜ਼ਦੂਰੀ ਆਦਿ ਦੇ ਰੂਪ ਵਿੱਚ ਮਿਸ਼ਰਤ ਆਮਦਨ ਪ੍ਰਾਪਤ ਹੁੰਦੀ ਹੈ। ਇਸ ਨੂੰ ਮਿਸ਼ਰਤ ਆਮਦਨ ਕਿਹਾ ਜਾਂਦਾ ਹੈ।

ਉਪਰਲੀਆਂ ਤਿੰਨਾਂ ਮਦਾਂ ਨੂੰ ਜੋੜ ਕੇ ਸਾਧਨ ਲਾਗਤ ਤੇ ਸ਼ੁੱਧ ਘਰੇਲੂ ਆਮਦਨ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

 

(4) ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ:-ਕਿਸੇ ਦੇਸ਼ ਦੇ ਲੋਕਾਂ ਰਾਹੀਂ ਅਤੇ ਵਿਦੇਸ਼ਾਂ ਵਿੱਚ ਪ੍ਰਦਾਨ ਕੀਤੀਆਂ ਗਈਆਂ ਸਾਧਨ ਸੇਵਾਵਾਂ ਦੇ ਬਦਲੇ ਵਿੱਚ ਪ੍ਰਾਪਤ ਆਮਦਨ ਅਤੇ ਇੱਕ ਦੇਸ਼ ਦੀ ਘਰੇਲੂ ਸੀਮਾ ਅੰਦਰ ਗੈਰ ਨਿਵਾਸੀਆਂ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸਾਧਨ ਸੇਵਾਵਾਂ ਦੇ ਬਦਲੇ ਵਿੱਚ ਭੁਗਤਾਨ ਕੀਤੀ ਗਈ ਆਮਦਨ ਦੇ ਅੰਤਰ ਨੂੰ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ ਕਿਹਾ ਜਾਂਦਾ ਹੈ। ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ ਨੂੰ ਸ਼ੁੱਧ ਘਰੇਲੂ ਆਮਦਨ ਵਿੱਚ ਜੋੜ ਕੇ ਰਾਸ਼ਟਰੀ ਆਮਦਨ ਦਾ ਅਨੁਮਾਨ ਲਗਾਇਆ ਜਾਂਦਾ ਹੈ।

 

(3)ਤੀਜਾ ਕਦਮ: ਸਾਧਨ ਆਮਦਨ ਦਾ ਅਨੁਮਾਨ:- ਹਰੇਕ ਉਤਪਾਦਕ ਉਦਮ ਰਾਹੀਂ ਭੁਗਤਾਨ ਕੀਤੀ ਗਈ ਆਮਦਨ ਦੀ ਗਣਨਾ ਕਰਨ ਲਈ ਉਸਦੇ ਰਾਹੀਂ ਪ੍ਰਯੋਗ ਕੀਤੇ ਜਾਣ ਵਾਲੇ ਸਾਧਨਾਂ ਦੀਆਂ ਇਕਾਈਆਂ ਨੂੰ ਉਹਨਾਂ ਨੂੰ ਦਿੱਤੇ ਜਾਣ ਵਾਲੇ ਭੁਗਤਾਨ ਨਾਲ ਗੁਣਾ ਕਰ ਦਿੱਤਾ ਜਾਂਦਾ ਹੈ ਹਰੇਕ ਉਦਮ ਰਾਹੀਂ ਭੁਗਤਾਨ ਕੀਤੀ ਗਈ ਆਮਦਨ ਨੂੰ ਜੋੜ ਕੇ ਉਸ ਉਦਯੋਗ ਦੀ ਕੁੱਲ ਆਮਦਨ ਪਤਾ ਕੀਤੀ ਜਾਂਦੀ ਹੈ ।ਅਰਥਵਿਵਸਥਾ ਦੇ ਸਾਰੇ ਉਦਯੋਗਾਂ ਰਾਹੀਂ ਭੁਗਤਾਨ ਕੀਤੀ ਗਈ ਆਮਦਨ ਨੂੰ ਜੋੜ ਕੇ ਸ਼ੁੱਧ ਘਰੇਲੂ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਵਿੱਚ ਉਚਿਤ ਪਰਿਵਰਤਨ ਕਰਕੇ ਰਾਸ਼ਟਰੀ ਉਤਪਾਦ ਦੀਆਂ ਬਾਕੀ ਧਾਰਨਾਵਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ।

1.ਸ਼ੁੱਧ ਰਾਸ਼ਟਰੀ ਆਮਦਨ=ਸ਼ੁੱਧ ਘਰੇਲੂ ਆਮਦਨ+ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ

2. ਕੁੱਲ ਰਾਸ਼ਟਰੀ ਆਮਦਨ= ਸ਼ੁੱਧ ਰਾਸ਼ਟਰੀ ਆਮਦਨ+ ਘਿਸਾਈ ਮੁੱਲ

3. ਬਾਜ਼ਾਰ ਕੀਮਤ ਤੇ ਕੁੱਲ ਰਾਸ਼ਟਰੀ ਉਤਪਾਦ= ਕੁੱਲ ਰਾਸ਼ਟਰੀ ਆਮਦਨ ਸ਼ੁੱਧ+ ਅਪ੍ਰਤੱਖ ਕਰ

 

ਆਮਦਨ ਵਿਧੀ ਨਾਲ ਸਬੰਧਿਤ ਸਾਵਧਾਨੀਆਂ;

 

(1) ਹਸਤਾਂਤਰਣ ਭੁਗਤਾਨ:- ਹਸਤਾਂਤਰਣ ਭੁਗਤਾਨ ਨੂੰ ਰਾਸਟਰੀ ਆਮਦਨ ਵਿੱਚ ਸ਼ਾਮਿਲ ਨਹੀ ਕੀਤਾ ਜਾਂਦਾ।

(2) ਗੈਰ ਕਨੂੰਨੀ ਕੰਮ:- ਗੈਰ ਕਨੂੰਨੀ ਕੰਮਾਂ ਆਦਿ ਤੋਨ ਮਿਲੀ ਆਮਦਨ ਨੂੰ ਰਾਸ਼ਟਰੀ ਆਮਦਨ ਵਿੱਚ ਸ਼ਾਮਿਲ ਨਹੀ ਕੀਤਾ ਜਾਂਦਾ।

(3) ਪੁਰਾਣੀਆਂ ਵਸਤੂਆਂ:- ਪੁਰਾਣੀਆ ਵਸਤੂਆਂ ਨੂੰ ਵੇਚ ਕੇ ਪ੍ਰਾਪਤ ਆਮਦਨ ਨੂੰ ਰਾਸ਼ਟਰੀ ਆਮਦਨ ਵਿੱਚ ਸ਼ਾਮਿਲ ਨਹੀ ਕੀਤਾ ਜਾਂਦਾ।

(4) ਸ਼ੇਅਰ ਅਤੇ ਬੌਂਡਸ:- ਸ਼ੇਅਰ ਅਤੇ ਬੌਂਡਸ ਨੂੰ ਵੇਚ ਕੇ ਪ੍ਰਾਪਤ ਆਮਦਨ ਨੂੰ ਰਾਸ਼ਟਰੀ ਆਮਦਨ ਵਿੱਚ ਸ਼ਾਮਿਲ ਨਹੀ ਕੀਤਾ ਜਾਂਦਾ।

(5) ਅਚਨਚੇਤ ਮਿਲੀ ਆਮਦਨ: - ਅਚਨਚੇਤ ਮਿਲੀ ਆਮਦਨ ਨੂੰ ਰਾਸ਼ਟਰੀ ਆਮਦਨ ਵਿੱਚ ਸ਼ਾਮਿਲ ਨਹੀ ਕੀਤਾ ਜਾਂਦਾ।

(6) ਜਿਨ੍ਹਾਂ ਮਕਾਨਾਂ ਵਿੱਚ ਮਕਾਨ ਮਾਲਕ ਆਪ ਰਹਿੰਦੇ ਹਨ: - ਜਿਨ੍ਹਾਂ ਮਕਾਨਾਂ ਵਿੱਚ ਮਕਾਨ ਮਾਲਕ ਆਪ ਰਹਿੰਦੇ ਹਨ ਉਹਨਾਂ ਦਾ ਆਰੋਪਿਤ ਕਿਰਾਇਆ ਰਾਸ਼ਟਰੀ ਆਮਦਨ ਵਿੱਚ ਸ਼ਾਮਿਲ ਕੀਤਾ ਜਾਂਦਾ।

(7) ਸਵੈ-ਉਪਭੋਗ ਵਸਤੂਆਂ:- ਸਵੈ - ਉਪਭੋਗ ਵਸਤੂਆਂ ਦਾ ਅਰੋਪਿਤ ਮੁੱਲ ਰਾਸ਼ਟਰੀ ਆਮਦਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਪਰ ਸੇਵਾਵਾਂ ਦਾ ਨਹੀਂ।

(8) ਅਪ੍ਰਤੱਖ ਕਰ: - ਅਪ੍ਰਤੱਖ ਕਰ ਬਾਜ਼ਾਰ ਕੀਮਤ ਤੇ ਰਾਸ਼ਟਰੀ ਆਮਦਨ ਵਿੱਚ ਸ਼ਾਮਿਲ ਹੁੰਦਾ ਹੈ। ਸਾਧਨ ਲਾਗਤ ਤੇ ਰਾਸ਼ਟਰੀ ਉਤਪਾਦ ਵਿੱਚ ਸ਼ਾਮਿਲ ਨਹੀਂ ਹੁੰਦਾ।

(9) ਨਿਗਮ ਕਰ, ਲਾਭਾਂਸ਼ ਅਤੇ ਅਣਵੰਡੇ ਲਾਭ:- ਇਹ ਤਿੰਨੋ ਹੀ ਲਾਭ ਦਾ ਹਿੱਸਾ ਹਨ ਜੇਕਰ ਲਾਭ ਨੂੰ ਰਾਸ਼ਟਰੀ ਆਮਦਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਇਹਨਾਂ ਨੂੰ ਵੱਖਰੇ ਤੌਰ ਤੇ ਸ਼ਾਮਿਲ ਨਹੀਂ ਕੀਤਾ ਜਾਂਦਾ।

(10) ਕਰਮਚਾਰੀਆਂ ਦੇ ਮਿਹਨਤਾਨੇ ਵਿੱਚ ਉਨ੍ਹਾਂ ਦੁਆਰਾ ਦਿੱਤਾ ਗਿਆ ਆਮਦਨ ਕਰ ਸ਼ਾਮਿਲ ਹੁੰਦਾ ਹੈ। ਆਮਦਨ ਕਰ ਨੂੰ ਵੱਖਰੇ ਤੌਰ ਤੇ ਸ਼ਾਮਿਲ ਨਹੀਂ ਕੀਤਾ ਜਾਂਦਾ।

(11) ਮੌਤ ਕਰ, ਤੋਹਫਾ ਕਰ, ਸੰਪਤੀ ਕਰ ਅਤੇ ਅਚਨਚੇਤੀ ਲਾਭ ਤੇ ਕਰਾਂ ਨੂੰ ਰਾਸ਼ਟਰੀ ਆਮਦਨ ਵਿੱਚ ਸਾਮਿਲ ਨਹੀਂ ਕੀਤਾ ਜਾਂਦਾ।

(12) ਮਜ਼ਦੂਰੀ, ਵੇਤਨ, ਕਿਸਮ ਵਿੱਚ ਦਿੱਤੀ ਗਈ ਮਜ਼ਦੂਰੀ ਅਤੇ ਮਾਲਿਕਾਂ ਦੁਆਰਾ ਸਮਾਜਿਕ ਸੁਰੱਖਿਆ, ਪ੍ਰੋਵੀਡਾਟ ਫੰਡ ਆਦਿ ਵਿੱਚ ਦਿੱਤਾ ਗਿਆ ਅੰਸ਼ਦਾਨ ਕਰਮਚਾਰੀਆਂ ਦੇ ਮਿਹਨਤਾਨੇ ਦੇ ਹੀ ਹਿੱਸੇ ਹਨ ਇਸ ਲਈ ਜੇਕਰ ਰਾਸ਼ਟਰੀ ਆਮਦਨ ਵਿੱਚ ਕਰਮਚਾਰੀਆਂ ਦੇ ਮਿਹਨਤਾਨੇ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਇਨ੍ਹਾਂ ਨੂੰ ਵੱਖਰਾ ਸ਼ਾਮਿਲ ਨਹੀਂ ਕਰਨਾ ਚਾਹੀਦਾ।

 

ਸੰਖਿਆਤਮਕ ਉਦਾਹਰਨ

 

1. ਹੇਠਾਂ ਦਿੱਤੇ ਅੰਕੜਿਆਂ ਤੋ ਆਮਦਨ ਵਿਧੀ ਦਾ ਪ੍ਰਯੋਗ ਕਰਕੇ () ਕੁੱਲ ਘਰੇਲੂ ਉਤਪਾਦ () ਸ਼ੁੱਧ ਘਰੇਲੂ ਆਮਦਨ () ਸ਼ੁੱਧ ਰਾਸ਼ਟਰੀ ਆਮਦਨ () ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ ਪਤਾ ਕਰੋ।

 

ਮਦਾਂ                                                                                      (ਰੁ; ਕਰੋੜ)

 

(1) ਅਪ੍ਰਤੱਖ ਕਰ                                                                    9000

(2) ਆਰਥਿਕ ਸਹਾਇਤਾ                                                       1800

(3) ਘਿਸਾਵਟ ਖਰਚਾ                                                            1700

(4) ਸਵੈ ਨਿਯੋਜਤਾਂ ਦੀ ਮਿਸ਼ਰਤ ਆਮਦਨ                           28000

(5) ਪ੍ਰਚਲਨ ਬੇਸ਼ੀ                                                           10000

(6) ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ                        (-) 300

(7) ਕਰਮਚਾਰੀਆਂ ਦਾ ਮਿਹਨਤਾਨਾ                               24000

() ਕੁੱਲ ਘਰੇਲੂ ਆਮਦਨ= ਸਵੈ ਨਿਯੋਜਤਾਂ ਦੀ ਮਿਸ਼ਰਤ ਆਮਦਨ+ ਪ੍ਰਚਲਨ ਬੇਸ਼ੀ+ ਕਰਮਚਾਰੀਆਂ ਦਾ ਮਿਹਨਤਾਨਾ

=28000ਕਰੋੜ-10000 ਕਰੌੜ+24000 ਕਰੌੜ =ਰੁ: 62000 ਕਰੋੜ

() ਸ਼ੁੱਧ ਘਰੇਲੂ ਉਤਪਾਦ = ਕੁੱਲ ਘਰੇਲੂ ਆਮਦਨ - ਘਿਸਾਵਟ ਖਰਚਾ

=62000 ਕਰੋੜ-1700 ਕਰੌੜ =ਰੁ: 60300 ਕਰੌੜ

() ਸ਼ੁੱਧ ਰਾਸ਼ਟਰੀ ਆਮਦਨ = ਸ਼ੁੱਧ ਘਰੇਲੂ ਆਮਦਨ + ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ

=ਰੁ: 60300 ਕਰੋੜ (-) 300 = ਰੁ: 60000 ਕਰੌੜ

() ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ = ਸ਼ੁੱਧ ਰਾਸ਼ਟਰੀ ਆਮਦਨ - ਅਪ੍ਰਤੱਖ ਕਰ+ਆਰਥਿਕ ਸਹਾਇਤਾ

= ਰੁ: 60000 ਕਰੌੜ-9000 ਰੁ: ਕਰੋੜ- ਰੁ: 1800 ਕਰੋੜ

= ਰੁ: 52800 ਕਰੌੜ

ਉੱਤਰ= ਰੁ: 52800 ਕਰੋੜ

 

2. ਹੇਠਾਂ ਦਿੱਤੇ ਅੰਕੜਿਆਂ ਤੋ ਆਮਦਨ ਵਿਧੀ ਦਾ ਪ੍ਰਯੋਗ ਕਰਕੇ () ਘਰੇਲੂ ਆਮਦਨ () ਰਾਸ਼ਟਰੀ ਆਮਦਨ ਪਤਾ ਕਰੋ।

 

 

ਮਦਾਂ                                                                                         (ਰੁ: ਕਰੋੜ)

(1) ਮਜ਼ਦੂਰੀ                                                                             10000

(2) ਲਗਾਨ                                                                              5000

(3) ਵਿਆਜ                                                                             400

(4) ਲਾਭਾਂਸ਼                                                                    3000

(5) ਮਿਸ਼ਰਤ ਆਮਦਨ                                                   400

(6) ਅਣਵੰਡੇ ਲਾਭ                                                         200

(7) ਸਮਾਜਿਕ ਸੁਰੱਖਿਆ ਵਿੱਚ ਯੋਗਦਾਨ                     400

(8) ਨਿਗਮ ਲਾਭ ਕਰ                                                 400

(9) ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ                        1000

 

) ਘਰੇਲੂ ਆਮਦਨ =) ਮਜ਼ਦੂਰੀ+ ਲਗਾਨ+ ਵਿਆਜ+ ਲਾਭਾਂਸ਼+ ਮਿਸ਼ਰਤ ਆਮਦਨ +ਅਣਵੰਡੇ ਲਾਭ + ਸਮਾਜਿਕ ਸੁਰੱਖਿਆ ਵਿੱਚ ਯੋਗਦਾਨ+ ਨਿਗਮ ਲਾਭ ਕਰ

=10000 ਕਰੋੜ +5000 ਕਰੋੜ+400 ਕਰੋੜ +3000 ਕਰੌੜ+400 ਕਰੋੜ+200 ਕਰੋੜ+400 ਕਰੋੜ+ 400 ਕਰੌੜ = ਰੁ: 19800 ਕਰੋੜ

ਉੱਤਰ: ਘਰੇਲੂ ਆਮਦਨ = ਰੁ: 19800 ਕਰੋੜ

() ਰਾਸ਼ਟਰੀ ਆਮਦਨ = ਘਰੇਲੂ ਆਮਦਨ +ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ

= ਰੁ: 19800 ਕਰੋੜ- ਰੁ: 1000 ਕਰੋੜ = ਰੁ: 20800 ਕਰੋੜ

ਉੱਤਰ: ਰਾਸ਼ਟਰੀ ਆਮਦਨ = ਰੁ:20800 ਕਰੋੜ

 

ਪ੍ਰ. 3. ਰਾਸ਼ਟਰੀ ਆਮਦਨ ਮਾਪਣ ਦੀ ਖਰਚਾ ਵਿਧੀ ਦਾ ਵਰਣਨ ਕਰੋ। ਇਸ ਦੀਆਂ ਕੀ-ਕੀ ਸਾਵਧਾਨੀਆਂ ਹਨ?

ਉੱਤਰ: ਖਰਚ ਵਿਧੀ ਉਹ ਵਿਧੀ ਹੈ ਜਿਸ ਦੇ ਰਾਹੀਂ ਇੱਕ ਲੇਖਾ ਸਾਲ ਵਿੱਚ ਬਾਜ਼ਾਰ ਕੀਮਤ ਤੇ ਕੁੱਲ ਘਰੇਲੂ ਉਤਪਾਦ ਤੇ ਕੀਤੇ ਗਏ ਅੰਤਮ ਖਰਚ ਨੂੰ ਮਾਪਿਆ ਜਾਂਦਾ ਹੈ। ਇਹ ਅੰਤਮ ਖਰਚ ਬਾਜ਼ਾਰ ਕੀਮਤ ਤੇ ਕੁੱਲ ਘਰੇਲੂ ਉਤਪਾਦ ਦੇ ਬਰਾਬਰ ਹੁੰਦਾ ਹੈ।

ਜੇਕਰ ਕਿਸੇ ਉਦਮ ਰਾਹੀਂ ਅੰਤਮ ਉਪਭੋਗ ਜਾਂ ਪੂੰਜੀ ਨਿਰਮਾਣ ਲਈ (ਦੁਬਾਰਾ ਵੇਚਣ ਲਈ ਨਹੀਂ) ਵਸਤੂਆਂ ਅਤੇ ਸੇਵਾਵਾਂ ਖਰੀਦੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਤੇ ਕੀਤਾ ਗਿਆ ਖਰਚ ਅੰਤਮ ਖਰਚ ਕਹਾਉਂਦਾ ਹੈ।

ਖਰਚ ਵਿਧੀ ਦੇ ਕਦਮ: ਖਰਚ ਵਿਧੀ ਦੁਆਰਾ ਰਾਸ਼ਟਰੀ ਆਮਦਨ ਦੀ ਗਣਨਾ ਕਰਨ ਲਈ ਹੇਠ ਲਿਖੇ ਕਦਮ ਉਠਾਏ ਜਾਂਦੇ ਹਨ;

(1) ਪਹਿਲਾ ਕਦਮ: ਅੰਤਮ ਖਰਚ ਕਰਨ ਵਾਲੀਆਂ ਇਕਾਈਆਂ ਦੀ ਪਹਿਚਾਨ;

ਅੰਤਮ ਖਰਚ ਕਰਨ ਵਾਲੀਆਂ ਮੁੱਖ ਇਕਾਈਆਂ ਹਨ; (1) ਪਰਿਵਾਰ ਖੇਤਰ (2) ਉਤਪਾਦਕ ਖੇਤਰ (3) ਸਰਕਾਰੀ ਖੇਤਰ ਅਤੇ (4) ਬਾਕੀ ਸੰਸਾਰ ਖੇਤਰ।

(2) ਦੂਜਾ ਕਦਮ: ਅੰਤਮ ਖਰਚ ਦਾ ਵਰਗੀਕਰਣ; ਅੰਤਮ ਖਰਚ ਦਾ ਵਰਗੀਕਰਣ ਹੇਠ ਲਿਖੇ ਵਰਗਾਂ ਵਿੱਚ ਕੀਤਾ ਜਾਂਦਾ ਹੈ;

(1) ਅੰਤਮ ਉਪਭੋਗ ਖਰਚ: () ਨਿੱਜੀ ਅੰਤਮ ਉਪਭੋਗ ਖਰਚ () ਸਰਕਾਰੀ ਅੰਤਮ ਉਪਭੋਗ ਖਰਚ

(2) ਅੰਤਮ ਨਿਵੇਸ਼ ਖਰਚ :() ਸਕਲ ਸਥਾਈ ਪੂੰਜੀ ਨਿਰਮਾਣ () ਸਟਾਕ ਵਿੱਚ ਪਰਿਵਰਤਨ () ਸ਼ੁੱਧ ਨਿਰਯਾਤ

(3) ਤੀਜਾ ਕਦਮ: ਅੰਤਮ ਖਰਚ ਦੀ ਗਣਨਾ; (1) ਅੰਤਮ ਉਪਭੋਗ ਖਰਚ: - ਅੰਤਮ ਉਪਭੋਗ ਖਰਚ ਦੇ ਵੱਖ- ਵੱਖ ਅੰਗਾਂ ਦੀ ਗਣਨਾ ਹੇਠ ਲਿਖੇ ਢੰਗਾਂ ਨਾਲ ਕੀਤੀ ਜਾ ਸਕਦੀ ਹੈ;

(i) ਨਿੱਜੀ ਅੰਤਮ ਉਪਭੋਗ ਖਰਚ: ਉਪਭੋਗਤਾ ਪਰਿਵਾਰਾਂ ਨੂੰ ਉਪਭੋਗ ਵਸਤੂਆਂ ਅਤੇ ਸੇਵਾਵਾਂ ਦੀ ਜੋ ਅੰਤਮ ਵਿਕਰੀ ਕੀਤੀ ਜਾਦੀ ਹੈ ਉਸ ਦੀ ਕੁੱਲ ਮਾਤਰਾ ਨੂੰ ਕੀਮਤ ਨਾਲ ਗੁਣਾ ਕਰ ਦਿੱਤੀ ਜਾਂਦੀ ਹੈ ਇਸ ਵਿੱਚ ਹੇਠ ਲਿਖੀਆਂ ਮਦਾਂ ਦੇ ਮੁੱਲ

(a) ਘਰੇਲੂ ਬਾਜ਼ਾਰ ਵਿੱਚ ਉਤਪਾਦਕ ਪਰਿਵਾਰਾਂ ਵੱਲੋਂ ਚਾਲੂ ਸਾਲ ਵਿੱਚ ਉਤਪਾਦਤ ਵਸਤੂਆਂ।

(b) ਵਸਤੂਆਂ ਦੇ ਰੂਪ ਵਿੱਚ ਪ੍ਰਾਪਤ ਮਜ਼ਦੂਰੀ ਅਤੇ ਵੇਤਨ।

(c) ਵਸਤੂਆਂ ਦੇ ਰੂਪ ਵਿੱਚ ਪ੍ਰਾਪਤ ਸ਼ੁੱਧ ਉਪਹਾਰ

(d) ਉਪਭੋਗਤਾ ਪਰਿਵਾਰਾਂ ਰਾਹੀਂ ਵਿਦੇਸ਼ਾਂ ਵਿੱਚ ਪ੍ਰਤੱਖ ਰੂਪ ਨਾਲ ਕੀਤੀ ਖਰੀਦ ਕੀਤੀਆਂ ਗਈਆਂ ਵਸਤੂਆ ਅਤੇ ਸੇਵਾਵਾਂ

(e) ਖੁਦ ਕਾਬਜ਼ ਮਕਾਨਾਂ ਦਾ ਆਰੋਂਪਿਤ ਕਿਰਾਇਆ ਅਤੇ ਨੌਕਰਾਂ ਨੂੰ ਦਿੱਤੀ ਗਈ ਮਜ਼ਦੂਰੀ।

(f) ਪਰਿਵਾਰਾਂ ਵੱਲੋਂ ਗੈਰ-ਲਾਭਕਾਰੀ ਸੰਸਥਾਵਾਂ ਰਾਹੀਂ ਉਤਪਾਦਤ ਵਸਤੂਆਂ ਦੀ ਖਰੀਦ।

(ii) ਸਰਕਾਰੀ ਅੰਤਮ ਉਪਭੋਗ ਖਰਚ: ਘਰੇਲੂ ਬਾਜ਼ਾਰ ਵਿੱਚ ਸਰਕਾਰੀ ਅੰਤਮ ਉਪਭੋਗ ਖਰਚ ਦੀ ਗਣਨਾ ਕਰਨ ਲਈ ਇਕ ਲੇਖਾ ਸਾਲ ਵਿੱਚ ਸਰਕਾਰ ਰਾਹੀਂ ਹੇਠ ਲਿਖੀਆ ਮਦਾਂ ਤੇ ਕੀਤੇ ਖਰਚ ਨੂੰ ਗਿਣਿਆ ਜਾਂਦਾ ਹੈ।

(2) ਕੁੱਲ ਘਰੇਲੂ ਪੂੰਜੀ ਨਿਰਮਾਣ: ਇਸ ਵਿੱਚ ਕੁੱਲ ਘਰੇਲੂ ਸਥਾਈ ਪੂੰਜੀ ਨਿਰਮਾਣ ਅਤੇ ਸਟਾਕ ਵਿੱਚ ਪਰਿਵਰਤਨ ਦੇ ਜੌੜ ਨੂੰ ਸ਼ਾਮਿਲ ਕੀਤਾ ਜਾਂਦਾ ਹੈ;

(i) ਕੁੱਲ ਘਰੇਲੂ ਸਥਾਈ ਪੂੰਜੀ ਨਿਰਮਾਣ: ਇਸ ਵਿੱਚ ਹੇਠ ਲਿਖੇ ਖਰਚੇ ਸ਼ਾਮਲ ਕੀਤੇ ਜਾਂਦੇ ਹਨ;

(a) ਨਿਰਮਾਣ ਉਤੇ ਖਰਚ

(b) ਮਸ਼ੀਨਰੀ ਤੇ ਖਰਚ

(ii) ਸਟਾਕ ਵਿੱਚ ਪਰਿਵਰਤਨ: ਸਟਾਕ ਵਿੱਚ ਹੌਣ ਵਾਲੇ ਭੌਤਿਕ ਪਰਿਵਰਤਨ ਤੇ ਕੀਤੇ ਜਾਣ ਵਾਲੇ ਖਰਚ ਦਾ ਜੋੜ ਕੀਤਾ ਜਾਂਦਾ ਹੈ।

ਸਟਾਕ ਵਿੱਚ ਪਰਿਵਰਤਨ = ਅੰਤਮ ਸਟਾਕ- ਪ੍ਰਾਰੰਭਿਕ ਸਟਾਕ

 

3. ਸ਼ੁੱਧ ਨਿਰਯਾਤ; -ਸੁੱਧ ਨਿਰਯਾਤ ਇੱਕ ਲੇਖਾ ਸਾਲ ਵਿੱਚ ਕਿਸੇ ਦੇਸ਼ ਦੇ ਰਾਹੀਂ ਬਾਕੀ ਸੰਸਾਰ ਨੂੰ ਕੀਤੇ ਗਏ ਨਿਰਯਾਤ ਅਤੇ ਆਯਾਤ ਦਾ ਅੰਤਰ ਹੁੰਦਾ ਹੈ;

ਸ਼ੁੱਧ ਨਿਰਯਾਤ =ਨਿਯਾਤ- ਆਯਾਤ

ਖਰਚਾ ਵਿਧੀ ਦਾ ਪ੍ਰਯੋਗ ਕਰਦੇ ਹੋਏ ਰਾਸ਼ਟਰੀ ਆਮਦਨ ਦਾ ਮਾਪ:-

ਅੰਤਮ ਉਪਭੋਗ ਖਰਚ+ ਕੁੱਲ ਘਰੇਲੂ ਪੂੰਜੀ ਨਿਰਮਾਣ + ਸ਼ੁੱਧ ਨਿਰਯਾਤ= ਬਾਜ਼ਾਰ ਕੀਮਤ ਤੇ ਕੁੱਲ ਘਰੇਲੂ ਉਤਪਾਦ

ਸਾਧਨ ਲਾਗਤ ਤੇ ਸ਼ੁੱਧ ਘਰੇਲੂ ਉਤਪਾਦ= ਸ਼ੁੱਧ ਅਪ੍ਰਤੱਖ ਕਰ- ਬਾਜ਼ਾਰ ਕੀਮਤ ਤੇ ਸ਼ੁੱਧ ਘਰੇਲੂ ਉਤਪਾਦ= ਮੁੱਲ ਗਿਰਾਵਟ

+

ਵਿਦੇਸ਼ਾਂ ਤੋਂ ਸੁੱਧ ਸਾਧਨ ਆਮਦਨ= ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ

ਖਰਚਾ ਵਿਧੀ ਦੀਆਂ ਸਾਵਧਾਨੀਆਂ: ਖਰਚਾ ਵਿਧੀ ਦਾ ਪ੍ਰਯੋਗ ਕਰਦੇ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਜ਼ਰੂਰੀ ਹਨ;-

1. ਕੁੱਲ ਖਰਚੇ ਦੀ ਗਣਨਾ ਕਰਦੇ ਸਮੇਂ ਦੋਹਰੀ ਗਣਨਾ ਤੋਂ ਬਚਣ ਲਈ ਸਿਰਫ ਅੰਤਮ ਖਰਚੇ ਨੂੰ ਹੀ ਉਸ ਵਿੱਚ ਸ਼ਾਮਲ ਕੀਤਾ ਜਾਵੇ।

2. ਰਾਸ਼ਟਰੀ ਆਮਦਨ ਦੀ ਗਣਨਾ ਕਰਦੇ ਸਮੇਂ ਮੱਧਵਰਤੀ ਵਸਤੂ ਦੇ ਖਰਚੇ ਨੂੰ ਨਹੀਂ ਸ਼ਾਮਿਲ ਕੀਤਾ ਜਾਣਾ ਚਾਹੀਦਾ।

3. ਪੁਰਾਣੀਆਂ ਵਸਤੂਆਂ ਤੇ ਕੀਤੇ ਖਰਚ ਨੂੰ ਵੀ ਕੁੱਲ ਖਰਚ ਵਿੱਚ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ।

4. ਸ਼ੇਅਰਾਂ ਤੇ ਬਾਂਡਾਂ ਤੇ ਕੀਤਾ ਖਰਚਾ ਵੀ ਕੁੱਲ ਖਰਚ ਵਿੱਚ ਸ਼ਾਮਿਲ ਨਹੀ ਕੀਤਾ ਜਾਣਾ ਚਾਹੀਦਾ।

5. ਸਰਕਾਰ ਦੁਆਰਾ ਹਸਤਾਂਤਰਣ ਭੁਗਤਾਨ ਤੇ ਕੀਤਾ ਖਰਚਾ ਵੀ ਕੁੱਲ ਖਰਚ ਵਿੱਚ ਸ਼ਾਮਿਲ ਨਹੀ ਕੀਤਾ ਜਾਣਾ ਚਾਹੀਦਾ।

ਉਦਾਹਰਨ; 1 ਹੇਠ ਦਿੱਤੀ ਸੂਚਨਾ ਤੋ ਖਰਚਾ ਵਿਧੀ ਦੁਆਰਾ () ਬਜ਼ਾਰ ਕੀਮਤ ਤੇ ਕੁੱਲ ਘਰੇਲੂ ਉਤਪਾਦ () ਬਜ਼ਾਰ ਕੀਮਤ ਤੇ ਕੁੱਲ ਰਾਸ਼ਟਰੀ ਉਤਪਾਦ () ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ ਪਤਾ ਕਰੋ।

ਮਦਾਂ                                                                                                          (ਰੂ: ਕਰੋੜ)

(1) ਸਰਕਾਰੀ ਉਪਭੋਗ ਖਰਚ                                                                     15

(2) ਸ਼ੁੱਧ ਅਪ੍ਰਤੱਖ ਕਰ                                                                                14

(3) ਸ਼ੁੱਧ ਨਿਰਯਾਤ                                                                                     (-) 4

(4) ਕੁੱਲ ਸਥਾਈ ਪੂੰਜੀ ਨਿਰਮਾਣ                                                                 25

(5) ਨਿੱਜੀ ਅੰਤਮ ਉਪਭੌਗ ਖਰਚ                                                               120

(6) ਸਟਾਕ ਵਿੱਚ ਸ਼ੁੱਧ ਵਾਧਾ                                                                        4

(7) ਵਿਦੇਸ਼ਾਂ ਤੋਂ ਸੁੱਧ ਸਾਧਨ ਆਮਦਨ                                                        40

(8) ਸਥਾਈ ਪੂੰਜੀ ਦਾ ਉਪਭੋਗ                                                                  10

() ਬਜ਼ਾਰ ਕੀਮਤ ਤੇ ਕੁੱਲ ਘਰੇਲੂ ਉਤਪਾਦ; - = ਸਰਕਾਰੀ ਉਪਭੋਗ ਖਰਚ+ ਨਿੱਜੀ ਅੰਤਮ ਉਪਭੋਗ ਖਰਚ+ ਕੁੱਲ ਸਥਾਈ ਪੂੰਜੀ ਨਿਰਮਾਣ+ ਸਟਾਕ ਵਿੱਚ ਸ਼ੁੱਧ ਵਾਧਾ+ ਸ਼ੁੱਧ ਨਿਰਯਾਤ

=15 ਕਰੌੜ+120 ਕਰੋੜ+25 ਕਰੋੜ+4 ਕਰੋੜ+ (- 4 ਕਰੋੜ) =160 ਕਰੋੜ

ਉੱਤਰ =ਰੁ: 160 ਕਰੋੜ

() ਬਜ਼ਾਰ ਕੀਮਤ ਤੇ ਕੁੱਲ ਰਾਸ਼ਟਰੀ ਉਤਪਾਦ:- ਬਜ਼ਾਰ ਕੀਮਤ ਤੇ ਕੁੱਲ ਘਰੇਲੂ ਉਤਪਾਦ+ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ

=160 ਕਰੌੜ+40 ਕਰੋੜ

ਉੱਤਰ =ਰੁ: 200 ਕਰੋੜ

() ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ:- ਬਜ਼ਾਰ ਕੀਮਤ ਤੇ ਕੁੱਲ ਰਾਸ਼ਟਰੀ ਉਤਪਾਦ- ਸਥਾਈ ਪੂੰਜੀ ਦਾ ਉਪਭੋਗ - ਸ਼ੁੱਧ ਅਪ੍ਰਤੱਖ ਕਰ

=200 ਕਰੋੜ - 10 ਕਰੋੜ - 14 ਕਰੋੜ = ਰੁ: 176 ਕਰੋੜ

ਉੱਤਰ =ਰੁ: 176 ਕਰੋੜ

 

2. ਹੇਠ ਦਿੱਤੀ ਸੂਚਨਾ ਤੋਂ ਖਰਚਾ ਵਿਧੀ ਦੁਆਰਾ () ਬਜ਼ਾਰ ਕੀਮਤ ਤੇ ਸੁੱਧ ਘਰੇਲੂ ਉਤਪਾਦ ਪਤਾ ਕਰੋ।

ਮਦਾਂ                                                                                                         (ਰੂ: ਕਰੋੜ)

(1) ਸਰਕਾਰੀ ਅੰਤਮ ਉਪਭੋਗ ਖਰਚ                                                        500

(2) ਸ਼ੁੱਧ ਅਪ੍ਰਤੱਖ ਕਰ                                                                              200

(3) ਵਸਤੂਆਂ ਅਤੇ ਸੇਵਾਵਾਂ ਦਾ ਸ਼ੁੱਧ ਨਿਰਯਾਤ                                         (-) 100

(4) ਕੁੱਲ ਸਥਾਈ ਪੂੰਜੀ ਨਿਰਮਾਣ                                                            1000

(5) ਸਟਾਕ ਵਿੱਚ ਪਰਿਵਰਤਨ                                                                300

(6) ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ                                                   (-) 200

(7) ਸਥਾਈ ਪੂੰਜੀ ਦਾ ਉਪਭੋਗ                                                             250

(8) ਵਿਅਕਤੀਗਤ ਖਰਚਾਯੌਗ ਆਮਦਨ                                            3000

(9) ਵਿਅਕਤੀਗਤ ਬੱਚਤ                                                                   350

ਹੱਲ; (6) ਬਜ਼ਾਰ ਕੀਮਤ ਤੇ ਸ਼ੁੱਧ ਘਰੇਲੂ ਉਤਪਾਦ = ਵਿਅਕਤੀਗਤ ਖਰਚਾਯੋਗ ਆਮਦਨ - ਵਿਅਕਤੀਗਤ ਬੱਚਤ+ ਸਰਕਾਰੀ ਅੰਤਮ ਉਪਭੋਗ ਖਰਚ +ਕੁੱਲ ਸਥਾਈ ਪੂੰਜੀ ਨਿਰਮਾਣ + ਸਟਾਕ ਵਿੱਚ ਪਰਿਵਰਤਨਸਥਾਈ ਪੂੰਜੀ ਦਾ ਉਪਭੋਗ

=3000 ਕਰੋੜ-350 ਕਰੋੜ +500 ਕਰੋੜ+1000 ਕਰੋੜ +300 ਕਰੋੜ (-100 ਕਰੋੜ)-250 ਕਰੋੜ = ਰੁ; 4100 ਕਰੋੜ

ਉੱਤਰ =ਰੁ: 4100 ਕਰੋੜ